Showing posts with label ਸਭ ਤੋਂ ਖਤਰਨਾਕ. Show all posts
Showing posts with label ਸਭ ਤੋਂ ਖਤਰਨਾਕ. Show all posts

Wednesday, October 2, 2019

ਸਭ ਤੋਂ ਖ਼ਤਰਨਾਕ

ਪਾਸ਼

ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ

ਬੈਠੇ ਸੁੱਤਿਆਂ ਫੜੇ ਜਾਣਾ-ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿੱਚ ਮੜ੍ਹੇ ਜਾਣਾ – ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ

ਕਪਟ ਦੇ ਸ਼ੋਰ ਵਿਚ
ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਵਿਚ ਪੜ੍ਹਨ ਲੱਗ ਜਾਣਾ – ਬੁਰਾ ਤਾਂ ਹੈ
ਕਚੀਚੀ ਵੱਟ ਕੇ ਬੱਸ ਵਕਤ ਕੱਢ ਜਾਣਾ – ਬੁਰਾ ਤਾਂ ਹੈ
ਸਭ ਤੋਂ ਖ਼ਤਰਨਾਕ ਨਹੀਂ ਹੁੰਦਾ ।

ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ ।

ਸਭ ਤੋਂ ਖ਼ਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ ‘ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ ।

ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਦੇਖਦੀ ਹੋਈ ਵੀ ਠੰਢੀ ਯੱਖ਼ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
ਜੋ ਚੀਜ਼ਾਂ ‘ਚੋਂ ਉਠਦੀ ਅੰਨ੍ਹੇਪਣ ਦੀ ਭਾਫ਼ ਉੱਤੇ ਡੁਲ੍ਹ ਜਾਂਦੀ ਹੈ
ਜੋ ਨਿੱਤ ਦਿਸਦੇ ਦੀ ਸਾਧਾਰਣਤਾ ਨੂੰ ਪੀਂਦੀ ਹੋਈ
ਇਕ ਮੰਤਕਹੀਣ ਦੁਹਰਾਅ ਦੇ ਗਧੀ-ਗੇੜ ਵਿਚ ਹੀ ਰੁਲ ਜਾਂਦੀ ਹੈ ।

ਸਭ ਤੋਂ ਖ਼ਤਰਨਾਕ ਉਹ ਚੰਨ ਹੁੰਦਾ ਹੈ
ਜੋ ਹਰ ਕਤਲ ਕਾਂਡ ਦੇ ਬਾਅਦ
ਸੁੰਨ ਹੋਏ ਵਿਹੜਿਆਂ ਵਿੱਚ ਚੜ੍ਹਦਾ ਹੈ
ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ ।

ਸਭ ਤੋਂ ਖ਼ਤਰਨਾਕ ਉਹ ਗੀਤ ਹੁੰਦਾ ਹੈ
ਤੁਹਾਡੇ ਕੰਨਾਂ ਤੱਕ ਪਹੁੰਚਣ ਲਈ
ਜਿਹੜਾ ਕੀਰਨਾ ਉਲੰਘਦਾ ਹੈ
ਡਰੇ ਹੋਏ ਲੋਕਾਂ ਦੇ ਬਾਰ ਮੂਹਰੇ-
ਜੋ ਵੈਲੀ ਦੀ ਖੰਘ ਖੰਘਦਾ ਹੈ ।

ਸਭ ਤੋਂ ਖ਼ਤਰਨਾਕ ਉਹ ਰਾਤ ਹੁੰਦੀ ਹੈ
ਜੋ ਪੈਂਦੀ ਹੈ ਜਿਊਂਦੀ ਰੂਹ ਦਿਆਂ ਆਕਾਸ਼ਾਂ ‘ਤੇ
ਜਿਹਦੇ ਵਿਚ ਸਿਰਫ਼ ਉੱਲੂ ਬੋਲਦੇ ਗਿੱਦੜ ਹਵਾਂਕਦੇ
ਚਿਪਟ ਜਾਂਦੇ ਸਦੀਵੀ ਨ੍ਹੇਰ ਬੰਦ ਬੂਹਿਆਂ ਚੁਗਾਠਾਂ ‘ਤੇ

ਸਭ ਤੋਂ ਖ਼ਤਰਨਾਕ ਉਹ ਦਿਸ਼ਾ ਹੁੰਦੀ ਹੈ
ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ
ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ
ਤੁਹਾਡੇ ਜਿਸਮ ਦੇ ਪੂਰਬ ‘ਚ ਖੁੱਭ ਜਾਵੇ ।
ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ।